ਰੀਵਾਰਡ ਫਾਰ ਜਸਟਿਸ 13 ਦਸੰਬਰ, 2019 ਨੂੰ ਬਗਦਾਦ ਵਿੱਚ ਯੂ.ਐਸ. ਨਾਗਰਿਕ ਇਹਸਾਨ ਅਸ਼ੂਰ ਦੇ ਅਗਵਾ ਲਈ ਜ਼ੁੰਮੇਵਾਰ ਲੋਕਾਂ ਦੀ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।
ਅਸ਼ੂਰ, ਜਿਸ ਕੋਲ ਦੋਹਰੀ ਯੂ.ਐਸ.-ਇਰਾਕੀ ਨਾਗਰਿਕਤਾ ਹੈ, ਨਿੱਜੀ ਮਾਮਲਿਆਂ ‘ਤੇ ਇਰਾਕ ਵਿਚ ਸੀ। ਉਸ ਨੂੰ ਰਾਜਧਾਨੀ ਦੇ ਤਹਿਰੀਰ ਸਕੁਏਅਰ ਵਿੱਚ ਵਿਸ਼ਾਲ ਪ੍ਰਦਰਸ਼ਨ ਦੌਰਾਨ, ਸਦਰ ਸ਼ਹਿਰ ਦੇ ਨੇੜੇ, ਅਲ-ਸ਼ਾਬ ਜ਼ਿਲ੍ਹੇ ਵਿੱਚ ਮਾਸਕ ਅਤੇ ਕਾਲੇ ਕੱਪੜੇ ਪਹਿਨੇ ਲਗਭਗ 10 ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਉਸ ਦੇ ਅਗਵਾਕਾਰਾਂ ਨੇ ਉਸ ਨੂੰ ਸਰਹੱਦ ਪਾਰ ਇਰਾਨ ਲਿਜਾਣ ਤੋਂ ਪਹਿਲਾਂ ਉਸ ਦਾ ਗਲਾ ਘੋਂਟਿਆ, ਕੁੱਟਿਆ ਅਤੇ ਬਿਜਲੀ ਦੇ ਝਟਕੇ ਦਿੱਤੇ। ਈਰਾਨ ਦੇ ਅੰਦਰ, ਅਗਵਾਕਾਰਾਂ ਦੇ ਇੱਕ ਹੋਰ ਸਮੂਹ ਨੇ ਅਸ਼ੂਰ ਤੋਂ ਕਥਿਤ ਜਾਸੂਸੀ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ। ਇਹ ਪਤਾ ਲਗਾਉਣ ਤੋਂ ਬਾਅਦ ਕਿ ਉਹ ਜਾਸੂਸ ਨਹੀਂ ਸੀ, ਉਸਦੇ ਅਗਵਾਕਾਰਾਂ ਨੇ ਅਸ਼ੂਰ ਨੂੰ ਇਰਾਕ ਵਾਪਸ ਭੇਜ ਦਿੱਤਾ, ਜਿੱਥੇ ਉਸਨੂੰ ਤਸੀਹੇ ਦਿੱਤੇ ਜਾਂਦੇ ਰਹੇ ਅਤੇ ਪੁੱਛਗਿੱਛ ਕੀਤੀ ਜਾਂਦੀ ਰਹੀ। ਉਸਨੂੰ ਮਈ 2020 ਵਿੱਚ ਰਿਹਾਅ ਕੀਤਾ ਗਿਆ ਸੀ, ਅਤੇ ਉਹ ਸੰਯੁਕਤ ਰਾਜ ਵਾਪਸ ਆ ਗਿਆ।
